[go: up one dir, main page]
More Web Proxy on the site http://driver.im/

ਸੰਦੇਸ਼

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਸੂਬੇ ਦੇ ਬਣਨ ਉਪਰੰਤ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਥਾਪਿਤ ਕੀਤੀ ਯੂਨੀਵਰਸਿਟੀ ਹੈ, ਜਿਸਦਾ ਮੂਲ ਮਨੋਰਥ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁ-ਪੱਖੀ ਵਿਕਾਸ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿੱਚ ਮਾਧਿਅਮ ਵਜੋਂ ਵਿਕਸਤ ਕਰਨਾ, ਖਾਸ ਕਰਕੇ ਪੰਜਾਬੀ ਭਾਸ਼ਾ 'ਚ ਉੱਚੇਰੀ ਸਿੱਖਿਆ ਤੇ ਖੋਜ ਦੀ ਤਰੱਕੀ ਕਰਨਾ ਹੈ। ਆਪਣੇ ਮੁੱਖ ਮੰਤਵ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ’ਤੇ ਮਹੱਤਵਪੂਰਨ ਕਾਰਜ ਆਰੰਭੇ ਗਏ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਤੇਜ਼ੀ ਨਾਲ ਬਦਲ ਰਹੇ ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਹਾਲਾਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੀ ਜ਼ਰੂਰਤ ਹੈ। ਤਕਨਾਲੋਜੀ ਦੇ ਸੰਚਾਰ ਸਾਧਨਾਂ ਨੇ ਸਮੁੱਚੀ ਦੁਨੀਆਂ ਨੂੰ ਇਕ ਦੂਸਰੇ ਨਾਲ ਇਕਸੁਰ ਕਰ ਦਿੱਤਾ ਹੈ ਜਿਸ ਕਾਰਨ ਅਲੱਗ-ਅਲੱਗ ਖੇਤਰਾਂ ਵਿੱਚ ਵਸੇ ਭਾਈਚਾਰੇ ਆਧੁਨਿਕ ਮਾਧਿਆਮਾਂ ਰਾਹੀਂ ਗਿਆਨ ਨਾਲ ਇਕਸੁਰ ਹੋ ਰਹੇ ਹਨ। ਦੁਨੀਆਂ ਦੇ ਲਗਭਗ 150 ਮੁਲਕਾਂ ਦੇ ਵੱਖ-ਵੱਖ ਹਿੱਸਿਆਂ ਵਿਚ ਪੰਜਾਬੀ ਭਾਈਚਾਰਾ ਵਸਿਆ ਹੋਇਆ ਹੈ, ਇਹਨਾਂ ਮੁਲਕਾਂ ਵਿੱਚ ਰਹਿ ਰਹੇ ਪੰਜਾਬੀਆਂ ਦਾ ਆਪਸੀ ਸੰਚਾਰ ਦਾ ਸਾਧਨ ਜਿੱਥੇ ਆਧੁਨਿਕ ਸੰਚਾਰ ਤਕਨਾਲੋਜੀ ਹੈ, ਉਥੇ ਸਮੂਹ ਪੰਜਾਬੀਆਂ ਨੂੰ ਆਪਣੀ ਭਾਸ਼ਾ ਵਿੱਚ ਜਾਣਕਾਰੀ ਪਹੁੰਚਾਉਣ ਦਾ ਮਾਧਿਅਮ ਵੀ ਹੈ। ਪੰਜਾਬੀਆਂ ਨੂੰ ਗਿਆਨ, ਵਿਗਿਆਨ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਵੱਧ ਤੋਂ ਵੱਧ ਸਮੱਗਰੀ ਇੰਟਰਨੈੱਟ ਦੇ ਵਸੀਲੇ ਰਾਹੀਂ ਹੀ ਪਹੁੰਚਾਈ ਜਾ ਸਕਦੀ ਹੈ, ਇਸ ਕਾਰਜ ਦੀ ਪੂਰਤੀ ਲਈ ਪੰਜਾਬੀਪੀਡੀਆ ਸੈਂਟਰ ਦੀ ਸਥਾਪਨਾ ਕੀਤੀ ਗਈ, ਜਿਸ ਦਾ ਮੁੱਖ ਮਕਸਦ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਵੱਧ ਤੋਂ ਵੱਧ ਭਰੋਸੇਯੋਗ ਗਿਆਨ ਸਮੱਗਰੀ ਪ੍ਰਦਾਨ ਕਰਨਾ ਹੈ।

ਪੰਜਾਬੀਪੀਡੀਆ ਵੱਲੋਂ ਆਧੁਨਿਕ ਸੰਚਾਰ ਤਕਨਾਲੋਜੀ ਦੇ ਮਾਧਿਅਮ ਰਾਹੀਂ ਗੁਰਮੁਖੀ ਲਿਪੀ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਜਾਣਕਾਰੀ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਈ ਜਾ ਰਹੀ ਹੈ। ਜਿਸ ਵਿੱਚ ਵਿਗਿਆਨ, ਕੰਪਿਊਟਰ ਵਿਗਿਆਨ, ਸਮਾਜ-ਵਿਗਿਆਨ, ਅਰਥ-ਸ਼ਾਸਤਰ, ਭੂਗੋਲ, ਇਤਿਹਾਸ, ਵਾਤਾਵਰਨ ਅਤੇ ਵੱਖ-ਵੱਖ ਧਰਮਾਂ ਨਾਲ ਸੰਬੰਧਤ ਹਰ ਤਰ੍ਹਾਂ ਦਾ ਗਿਆਨ ਪੰਜਾਬੀਪੀਡੀਆ ਦਾ ਅਹਿਮ ਅੰਗ ਹੈ। ਪੰਜਾਬੀਪੀਡੀਆ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦਾ ਮੁੱਖ ਸ੍ਰੋਤ ਉੱਚ ਪੱਧਰ ਦੇ ਵਿਦਵਾਨਾਂ, ਲੇਖਕਾਂ ਦੀਆਂ ਲਿਖਤਾਂ ਅਤੇ ਪ੍ਰਕਾਸ਼ਨਾਵਾਂ ਨੂੰ ਬਣਾਇਆ ਗਿਆ ਹੈ। ਇਸ ਕਾਰਜ ਦੇ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਨੂੰ ਪੰਜਾਬੀਪੀਡੀਆ ਦੀ ਆਧਾਰ ਸਮੱਗਰੀ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਹ ਪ੍ਰਕਾਸ਼ਨਾਵਾਂ ਯੂਨੀਵਰਸਿਟੀ ਦੀਆਂ ਹੋਣ ਕਾਰਨ ਅਤੇ ਆਪਣੇ-ਆਪਣੇ ਖੇਤਰਾਂ ਦੇ ਮਾਹਿਰਾਂ ਦੁਆਰਾ ਰਚਿਤ ਤੇ ਸੰਪਾਦਿਤ ਹੋਣ ਕਾਰਨ ਮਿਆਰੀ ਤੇ ਭਰੋਸੇਯੋਗ ਹਨ। ਪੰਜਾਬੀਪੀਡੀਆ ਦੀ ਵੈੱਬ-ਸਾਈਟ ਉੱਤੇ ਲਗਭਗ 173612 ਇੰਦਰਾਜ ਉਪਲਬਧ ਹਨ। ਵੱਖ-ਵੱਖ ਸ੍ਰੋਤਾਂ ਤੋਂ ਨਵੇਂ ਇੰਦਰਾਜ ਅਤੇ ਹੋਰ ਸਮੱਗਰੀ ਹਾਸਲ ਕਰਨ ਲਈ ਪੰਜਾਬੀਪੀਡੀਆ ਲਗਾਤਾਰ ਯਤਨਸ਼ੀਲ ਰਹਿੰਦਾ ਹੈ।

ਪੰਜਾਬੀਪੀਡੀਆ ਦੇ ਉਪਰਾਲੇ ਪੰਜਾਬੀ ਭਾਸ਼ਾਂ ਨੂੰ ਵਿਕਸਿਤ ਭਾਸ਼ਾਵਾਂ ਦੀ ਕਤਾਰ ਵਿੱਚ ਖੜ੍ਹੇ ਕਰਨ ਲਈ ਹਨ, ਜਿਨ੍ਹਾਂ ਦੀ ਅਜੋਕੇ ਗਿਆਨ ਵਿਗਿਆਨ ਦੇ ਯੁੱਗ ਵਿੱਚ ਅਹਿਮ ਲੋੜ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਇਹ ਕਾਰਜ ਪੰਜਾਬੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਗਿਆਨ-ਵਿਗਿਆਨ ਦੇ ਦਰਵਾਜ਼ੇ ਉਹਨਾਂ ਦੀ ਆਪਣੀ ਭਾਸ਼ਾ/ਲਿਪੀ ਵਿੱਚ ਖੋਲ੍ਹਣਾ ਹੈ। ਆਸ ਕਰਦੇ ਹਾਂ ਕਿ ਪੰਜਾਬੀਪੀਡੀਆ ਪੰਜਾਬੀਆਂ ਦਾ ਆਪਣੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਭਾਸ਼ਾ ਵਿੱਚ ਗਿਆਨਵਾਨ ਅਤੇ ਸੂਝਵਾਨ ਬਣਾਉਣ ਦਾ ਸੁਪਨਾ ਸਾਕਾਰ ਕਰਨ ਵਿੱਚ ਯੋਗਦਾਨ ਪਾਏਗਾ। ਇਹ ਹੀ ਸਾਡੀ ਤਹਿ ਦਿਲੋਂ ਇੱਛਾ ਹੈ।



ਪ੍ਰੋ. ਅਰਵਿੰਦ
ਵਾਈਸ-ਚਾਂਸਲਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.